Poem on Birds in Punjabi
ਪੰਛੀਆਂ ਨੂੰ ਕਰੋ ਪਿਆਰ
ਸਾਰੀ ਧਰਤੀ ਦਾ ਬਣੇ,
ਇਹ ਸ਼ਿੰਗਾਰ ਬੱਚਿਓ।
ਪੰਛੀਆਂ ਨੂੰ ਕਰੋ ਤੁਸੀਂ,
ਦਿਲੋਂ ਪਿਆਰ ਬੱਚਿਓ।
ਚਿੜੀਆਂ ਦਾ ਚਹਿਕਣਾ,
ਕਿੰਨਾ ਚੰਗਾ ਲਗਦਾ।
ਮੱਲੋ-ਮੱਲੀ ਧਿਆਨ ਖਿੱਚੇ,
ਵੇਖੋ ਸਾਰੇ ਜੱਗ ਦਾ।
ਬਣਾਉਣ ਵਾਲਾ ਹੋਊ,
ਕਿੱਡਾ ਕਲਾਕਾਰ ਬੱਚਿਓ।
ਪੰਛੀਆਂ ਨੂੰ ਕਰੋ ਤੁਸੀਂ...।
ਛੱਤ ਉੱਤੇ ਇਹਨਾਂ ਨੂੰ,
ਦਾਣੇ ਤੁਸੀਂ ਪਾ ਦਿਓ।
ਚਟੂਰੇ ਵਿਚ ਪਾਣੀ ਪਾ,
ਚੰਗੀ ਥਾਂ ਟਿਕਾ ਦਿਓ।
ਸੁਹਣੇ ਆਲ੍ਹਣੇ ਵੀ ਕਰੋ,
ਤੁਸੀਂ ਤਿਆਰ ਬੱਚਿਓ,
ਪੰਛੀਆਂ ਨੂੰ ਕਰੋ ਤੁਸੀਂ...।
ਅੰਨ੍ਹੇ ਵਾਹ ਰੁੱਖ ਪੁੱਟ,
ਕਈ ਪੰਛੀ ਨੇ ਭਜਾਤੇ।
ਰੰਗ ਬਰੰਗੇ ਪੰਛੀ ਕਈ,
ਅਸੀਂ ਅਸਲੋਂ ਮੁਕਾਤੇ।
ਇਹਨਾਂ ਪੰਛੀਆਂ ਦਾ ਹੈ,
ਅਨੋਖਾ ਸੰਸਾਰ ਬੱਚਿਓ।
ਪੰਛੀਆਂ ਨੂੰ ਕਰੋ ਤੁਸੀਂ...।
ਭੋਲੇ ਭਾਲੇ ਪੰਛੀ ਲੱਗਣ,
ਸਾਰੇ ਜੱਗ ਨੂੰ ਪਿਆਰੇ।
'ਤਲਵੰਡੀ' ਸਰ ਤਾਈਉਂ
ਜਾਨ ਇਹਨਾਂ ਤੋਂ ਵਾਰੇ।
ਪੰਛੀਆਂ ਨੂੰ ਪਿਆਰਨਾ,
ਵੱਡਾ ਉਪਕਾਰ ਬੱਚਿਓ।
ਪੰਛੀਆਂ ਨੂੰ ਕਰੋ ਤੁਸੀਂ...।
Comments
Post a Comment